ਵਿਦਿਆ ਰਾਹੀਂ ਸਿਹਤਮੰਦ ਬੁਢਾਪਾ

ਆਪਣੇ ਬਗੀਚੇ ਵਿੱਚ ਬੀਜੇ ਫੁੱਲਾਂ ਬਾਰੇ ਗੱਲਬਾਤ ਕਰਦੇ ਸਮੇਂ 74 ਸਾਲਾ ਯੁਇਟ ਸਿਮ ਦਾ ਚਿਹਰਾ ਮੁਸਕਰਾਹਟ ਨਾਲ ਰੁਸ਼ਨਾ ਜਾਂਦਾ ਹੈ।

ਪਰ ਅਜੇ ਕੁਝ ਸਾਲ ਪਹਿਲਾਂ ਯੁਇਟ ਸਿਮ ਦੀ ਹਾਲਤ ਏਨੀ ਚੰਗੀ ਨਹੀਂ ਸੀ।

ਉਸ ਦੀ ਬੇਟੀ ਮੈਂਡੀ ਦਸਦੀ ਹੈ, “ਜਦੋਂ ਮੇਰੇ ਡੈਡ ਦੀ ਮੌਤ ਹੋਈ ਤਾਂ ਸਾਰਿਆਂ ਲਈ ਔਖਾ ਹੋ ਗਿਆ ਸੀ। ਪਰ ਮੈਂ ਖਾਸ ਕਰਕੇ ਦੇਖਿਆ ਕਿ ਮੇਰੇ ਡੈਡ ਦਾ ਨਾ ਹੋਣਾ ਮੇਰੀ ਮਾਂ ਲਈ ਬਹੁਤ ਔਖਾ ਸੀ। ਉਹ ਗੱਲਾਂ ਦੁਹਰਾਉਣ ਲੱਗ ਪਈ ਅਤੇ ਉਸ ਨਾਲ ਗੱਲਬਾਤ ਕਰਨਾ ਸੱਚਮੁੱਚ ਬਹੁਤ ਔਖਾ ਹੋ ਗਿਆ। ਮੈਂ ਡਰ ਗਈ ਕਿ ਉਹ ਮੇਰੇ ਹੱਥੋਂ ਜਾ ਰਹੀ ਹੈ।”

ਮੈਂਡੀ ਦੇ ਮਨ ਵਿੱਚ ਇਕ ਹੋਰ ਫਿਕਰ ਵੀ ਸੀ: ਇਸ ਨਿਘਰਦੀ ਹਾਲਤ ਵਿੱਚ ਕੀ ਉਸ ਦੀ ਮਾਂ ਦਾ ਘਰ ਵਿੱਚ ਇਕੱਲੇ ਰਹਿਣਾ ਸੁਰੱਖਿਅਤ ਸੀ?

ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰਨ ਤੋਂ ਬਾਅਦ ਮੈਂਡੀ ਅਤੇ ਉਸ ਦੀ ਮਾਂ ਨੂੰ ਯੂ ਬੀ ਸੀ ਵਿੱਚ ਜੈਰੀਐਟਰਿਕ ਮੈਡੀਸਨ (ਬਜ਼ੁਰਗਾਂ ਦੇ ਇਲਾਜ) ਦੇ ਵਿਭਾਗ ਵਿੱਚ ਕਲੀਨੀਕਲ ਪ੍ਰੌਫੈਸਰ ਅਤੇ ਵੈਨਕੂਵਰ ਕੋਸਟਲ ਹੈਲਥ ਨਾਲ ਜੈਰੀਐਟਰੀਸ਼ਨ ਵਜੋਂ ਕੰਮ ਕਰਦੇ ਡਾ: ਰੌਜਰ ਵੌਂਗ ਕੋਲ ਭੇਜਿਆ ਗਿਆ।

ਸਾਂਝਾ ਤਜਰਬਾ

ਡਾ: ਵੌਂਗ ਮੈਂਡੀ ਵਰਗੇ ਲੋਕਾਂ ਦੇ ਦਰਪੇਸ਼ ਫਿਕਰਾਂ ਅਤੇ ਸੰਦੇਹਾਂ ਨੂੰ ਡੂੰਘਾਈ ਵਿੱਚ ਸਮਝਦੇ ਹਨ ਕਿਉਂਕਿ ਉਹ ਆਪ ਵੀ ਇਸ ਸਥਿਤੀ ਵਿੱਚੋਂ ਲੰਘ ਚੁੱਕੇ ਹਨ।

ਉਨ੍ਹਾਂ ਦਾ ਕਹਿਣਾ ਹੈ,”ਬਜ਼ੁਰਗਾਂ ਦਾ ਇਲਾਜ ਕਰਨ ਵਿੱਚ ਬਜ਼ੁਰਗਾਂ ਤੋਂ ਇਲਾਵਾ ਹੋਰ ਲੋਕ ਵੀ ਸ਼ਾਮਲ ਹੁੰਦੇ ਹਨ। ਇਸ ਵਿੱਚ ਉਨ੍ਹਾਂ ਦੀ ਸੰਭਾਲ ਕਰਨ ਵਾਲਿਆਂ – ਉਨ੍ਹਾਂ ਦੇ ਆਲੇ ਦੁਆਲੇ ਰਹਿਣ ਵਾਲੇ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ- ਦੀ ਮਦਦ ਕਰਨਾ ਵੀ ਸ਼ਾਮਲ ਹੁੰਦਾ ਹੈ।”

ਉਨ੍ਹਾਂ ਦਾ ਕਹਿਣਾ ਹੈ,”ਬਜ਼ੁਰਗਾਂ ਦਾ ਇਲਾਜ ਕਰਨ ਵਿੱਚ ਬਜ਼ੁਰਗਾਂ ਤੋਂ ਇਲਾਵਾ ਹੋਰ ਲੋਕ ਵੀ ਸ਼ਾਮਲ ਹੁੰਦੇ ਹਨ। ਇਸ ਵਿੱਚ ਉਨ੍ਹਾਂ ਦੀ ਸੰਭਾਲ ਕਰਨ ਵਾਲਿਆਂ – ਉਨ੍ਹਾਂ ਦੇ ਆਲੇ ਦੁਆਲੇ ਰਹਿਣ ਵਾਲੇ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ- ਦੀ ਮਦਦ ਕਰਨਾ ਵੀ ਸ਼ਾਮਲ ਹੁੰਦਾ ਹੈ।”
ਰੌਜਰ ਵੌਗ, ਐਗਜ਼ੈਕਟਿਵ ਐਸੋਸੀਏਟ ਡੀਨ, ਐਜੂਕੇਸ਼ਨ

ਉਹ ਆਪਣੀ ਪਿਆਰੀ ਦਾਦੀ ਵੱਲੋਂ ਆਪਣੀ ਅਪਾਰਟਮੈਂਟ ਦੀ ਅਸਾਂਵੀਂ ਫਰਸ਼ ‘ਤੇ ਤੁਰਨ ਅਤੇ ਅਪਾਰਟਮੈਂਟ ਦੇ ਮੁਹਰਲੇ ਦਰਵਾਜ਼ੇ ਨੂੰ ਲਾਕ ਕਰਨ ਨੂੰ ਯਾਦ ਰੱਖਣ ਦੀ ਰੋਜ਼ਾਨਾ ਜੱਦੋਜਹਿਦ ਨੂੰ ਯਾਦ ਕਰਦੇ ਹਨ ਕਿ ਕਿਵੇਂ ਇਹ ਚੀਜ਼ਾਂ ਵੱਧਦੀ ਉਮਰ ਨਾਲ ਔਖੀਆਂ ਤੋਂ ਔਖੀਆਂ ਹੁੰਦੀਆਂ ਗਈਆਂ।

ਡਾ: ਵੌਂਗ ਦਾ ਕਹਿਣਾ ਹੈ, “ਪਿਛਲੇ ਸਮੇਂ ਨੂੰ ਯਾਦ ਕਰਦਿਆਂ ਮੈਂ ਕਈ ਵਾਰ ਸੋਚਦਾ ਹਾਂ ਕਿ ਮੇਰੀ ਦਾਦੀ ਦੇ ਬੁਢਾਪੇ ਸਮੇਂ ਕਾਸ਼ ਕੋਈ ਅਜਿਹਾ ਵਿਅਕਤੀ ਹੁੰਦਾ ਜੋ ਉਨ੍ਹਾਂ ਚੀਜ਼ਾਂ ਨੂੰ ਸਮਝ ਸਕਦਾ ਜਿਨ੍ਹਾਂ ਵਿੱਚ ਦੀ ਸਾਡਾ ਪਰਿਵਾਰ ਲੰਘ ਰਿਹਾ ਸੀ। ਬਿਹਤਰ ਜਾਣਕਾਰੀ ਅਤੇ ਸਹਾਇਤਾ ਸਾਡੀ ਸਾਰਿਆਂ ਦੀ ਜ਼ਿੰਦਗੀ ਨੂੰ ਸੌਖਾ ਬਣਾ ਸਕਦੀ ਸੀ।”

ਇਹ ਤਜਰਬਾ ਡਾ: ਵੌਂਗ ਲਈ ਇਕ ਪ੍ਰੇਰਨਾ ਦਾ ਸ੍ਰੋਤ ਬਣ ਗਿਆ। ਇਸ ਨੇ ਉਨ੍ਹਾਂ ਵਲੋਂ ਜੈਰੀਐਟਰੀਸ਼ਨ (ਬਜ਼ੁਰਗਾਂ ਦਾ ਇਲਾਜ ਕਰਨ ਵਾਲਾ ਡਾਕਟਰ) ਬਣਨ ਦੇ ਫੈਸਲੇ ਦੇ ਪੁਸ਼ਟੀ ਹੀ ਨਹੀਂ ਕੀਤੀ ਸਗੋਂ ਇਸ ਨੇ ਉਨ੍ਹਾਂ ਦੇ ਇਕ ਡੂੰਘੇ ਨਿੱਜੀ ਮਿਸ਼ਨ ਨੂੰ ਵੀ ਪ੍ਰੇਰਿਤ ਕੀਤਾ: ਵਿਦਿਆ ਰਾਹੀਂ ਆਪਣੀ ਦਾਦੀ ਅਤੇ ਯੁਇਟ ਸਿਮ ਵਰਗੇ ਬਜ਼ੁਰਗਾਂ ਅਤੇ ਉਨ੍ਹਾਂ ਦੀ ਸੰਭਾਲ ਕਰਨ ਵਾਲਿਆਂ ਦੀ ਸਿਹਤ ਅਤੇ ਭਲਾਈ ਵਿੱਚ ਸੁਧਾਰ ਕਰਨਾ।


9.5 ਮਿਲੀਅਨ

2031 ਤੱਕ ਕੈਨੇਡਾ ਵਿੱਚ ਬਜ਼ੁਰਗਾਂ ਦੀ ਗਿਣਤੀ

1/4

2031 ਤੱਕ 65+ ਉਮਰ ਦੇ ਕੈਨੇਡੀਅਨ

1.3 ਮਿਲੀਅਨ

2031 ਤੱਕ ਬੀ ਸੀ ਵਿੱਚ ਬਜ਼ੁਰਗਾਂ ਦੀ ਗਿਣਤੀ


ਵਿਦਿਆ ਦੀ ਤਾਕਤ

ਇਹ ਮਿਸ਼ਨ ਯੂ ਬੀ ਸੀ ਦੀ ਫੈਕਲਟੀ ਆਫ ਮੈਡੀਸਨ ਵਿੱਚ ਉਨ੍ਹਾਂ ਦੇ ਕੰਮ ਵਿੱਚ ਪਹਿਲੇ ਨੰਬਰ ‘ਤੇ ਆਉਂਦਾ ਹੈ।

ਐਜੂਕੇਸ਼ਨ ਦੇ ਐਗਜ਼ੈਕਟਿਵ ਐਸੋਸੀਏਟ ਡੀਨ ਵੱਜੋਂ ਫੈਕਲਟੀ ਦੇ ਮੈਡੀਕਲ ਅਤੇ ਸਿਹਤ ਦੇ ਪੇਸ਼ਿਆਂ ਦੇ ਟ੍ਰੇਨਿੰਗ ਪ੍ਰੋਗਰਾਮਾਂ ਦੀ ਨਿਗਰਾਨੀ ਕਰਨ ਦੇ ਨਾਲ ਨਾਲ ਡਾ: ਵੌਂਗ ਮੈਡੀਕਲ ਵਿਦਿਆਰਥੀਆਂ, ਰੈਜ਼ੀਡੈਂਟਾਂ ਅਤੇ ਫਿਜ਼ੀਕਲ ਥੈਰੇਪੀ, ਆਕੂਪੇਸ਼ਨਲ ਥੈਰੇਪੀ ਅਤੇ ਆਡਿਓਲੌਜੀ ਅਤੇ ਸਪੀਚ ਸਾਇੰਸ ਵਰਗੇ ਸਿਹਤ ਦੇ ਪੇਸ਼ਿਆਂ ਵਿੱਚਲੇ ਵਿਦਿਆਰਥੀਆਂ ਨੂੰ ਆਪਣੇ ਨਾਲ ਬਜ਼ੁਰਗਾਂ ਦੀ ਸੰਭਾਲ ਦੇ ਕੈਰੀਅਰ ਵਿੱਚ ਸ਼ਾਮਲ ਹੋਣ ਲਈ ਸਿਖਲਾਈ ਅਤੇ ਅਗਵਾਈ ਦੇਣ ਲਈ ਵਚਨਬੱਧ ਹਨ। ਇਸ ਦਾ ਮਤਲਬ ਹੈ ਕਿ ਸਾਰੇ ਸਿੱਖਿਆਰਥੀ ਸੰਭਾਲ ਦੀ ਟੀਮ ਆਧਾਰਤ ਸਥਿਤੀ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਦੇਣ ਵਾਲਿਆਂ ਨਾਲ ਕਾਰਗਰ ਢੰਗ ਨਾਲ ਕੰਮ ਕਰਨ ਦੇ ਯੋਗ ਹੋਣ, ਜੋ ਵੱਡੀ ਉਮਰ ਦੇ ਬਾਲਗਾਂ ਦੀਆਂ ਗੁੰਝਲਦਾਰ ਸਿਹਤ ਲੋੜਾਂ ਦਾ ਸਮਰਥਨ ਕਰਦੇ ਵਕਤ ਖਾਸ ਤੌਰ ‘ਤੇ ਮਹੱਤਵਪੂਰਨ ਹੈ।

ਇਹ ਵਧੀਆਂ ਲੋੜਾਂ ਵਾਲਾ ਖੇਤਰ ਹੈ, ਕਿਉਂਕਿ 65 ਸਾਲ ਅਤੇ ਇਸ ਤੋਂ ਵੱਡੀ ਉਮਰ ਵਾਲੇ ਕੈਨੇਡੀਅਨ ਲੋਕਾਂ ਦੀ ਗਿਣਤੀ ਵਧ ਰਹੀ ਹੈ। ਅਨੁਮਾਨ ਹੈ ਕਿ 2031 ਤੱਕ ਬਜ਼ੁਰਗਾਂ ਦੀ ਗਿਣਤੀ 95 ਲੱਖ (9.5 ਮਿਲੀਅਨ) ਤੋਂ ਵਧ ਹੋ ਜਾਵੇਗੀ, ਜੋ ਕਿ ਕੈਨੇਡੀਅਨ ਅਬਾਦੀ ਦਾ ਚੌਥਾ ਹਿੱਸਾ ਹੋਵੇਗੀ। ਬੀ. ਸੀ. ਦੇ ਅੰਕੜੇ ਵੀ ਇਸ ਤਰ੍ਹਾਂ ਦੇ ਹਨ: 2031 ਤੱਕ ਬੀ ਸੀ ਦੇ ਚਾਰ ਵਸਨੀਕਾਂ ਵਿੱਚੋਂ ਇਕ 65 ਸਾਲ ਤੋਂ ਜ਼ਿਆਦਾ ਉਮਰ ਦਾ ਹੋਵੇਗਾ – ਕੁੱਲ ਮਿਲਾ ਕੇ 13 ਲੱਖ (1.3 ਮਿਲੀਅਨ) ਲੋਕ।

ਡਾ: ਵੌਂਗ ਦਾ ਕਹਿਣਾ ਹੈ,”ਸਾਡੀ ਵਸੋਂ ਦੀ ਵੱਧਦੀ ਉਮਰ ਨੂੰ ਦੇਖਦੇ ਹੋਏ, ਸਾਨੂੰ ਬਜ਼ੁਰਗਾਂ ਦੀ ਸੰਭਾਲ ਕਰਨ ਲਈ ਕਿੰਨੇ ਹੀ ਹੋਰ ਲੋਕਾਂ ਨੂੰ ਇਸ ਵਿੱਚ ਲਾਉਣਾ ਅਤੇ ਇਸ ਲਈ ਯੋਗ ਬਣਾਉਣਾ ਪਏਗਾ। ਸਾਡੇ ਸਾਰੇ ਪ੍ਰੋਗਰਾਮਾਂ ਵਿੱਚੋਂ ਵਿਦਿਆਰਥੀਆਂ ਅਤੇ ਸਿੱਖਿਆਰਥੀਆਂ ਨੂੰ ਇਸ ਖੇਤਰ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕਰਨ ਲਈ ਮੈਂ ਕਾਫੀ ਯਤਨ ਕਰਦਾ ਹਾਂ।”

ਯੂ ਬੀ ਸੀ ਦੇ ਐੱਮ ਡੀ ਅੰਡਰਗਰੈਜੂਏਟ ਪ੍ਰੋਗਰਾਮ ਤੋਂ 2012 ਵਿੱਚ ਗ੍ਰੈਜੂਏਟ ਹੋਇਆ ਅਤੇ ਬਾਅਦ ਵਿੱਚ ਰੈਜ਼ੀਡੈਂਸੀ ਦੌਰਾਨ ਇਨਟਰਨਲ ਮੈਡੀਸਨ (ਅੰਦਰੂਨੀ ਬੀਮਾਰੀਆਂ) ਵਿੱਚ ਸਿਖਲਾਈ ਲੈਣ ਵਾਲਾ ਅਤੇ ਜੈਰੀਐਟਰਿਕਸ ਵਿੱਚ ਫੈਲੋਸ਼ਿੱਪ ਕਰਨ ਵਾਲਾ ਡਾ: ਜੌਸ਼ੂਆ ਬੁਡਲਵਸਕੀ ਇਨ੍ਹਾਂ ਵਿੱਚੋਂ ਇਕ ਹੈ।

ਪਹਿਲੇ ਸਾਲ ਦੇ ਰੈਜ਼ੀਡੈਂਟ ਵਜੋਂ ਉਸ ਨੇ ਆਪਣੀ ਪਹਿਲੀ ਜੈਰੀਐਟਰਿਕ ਰੋਟੇਸ਼ਨ ਸਮੇਂ ਡਾ: ਵੌਂਗ ਨਾਲ ਕੰਮ ਕੀਤਾ, ਜਿਸ ਤਜਰਬੇ ਨੇ ਉਸ ਦੇ ਕੈਰੀਅਰ ਦੀ ਸੇਧ ਬਦਲ ਦਿੱਤੀ। ਡਾ: ਬੁਡਲਵਸਕੀ ਮੰਨਦਾ ਹੈ ਕਿ ਡਾ: ਵੌਂਗ ਨੇ ਉਸ ਦੀ ਰੁਚੀ ਨੂੰ ਪਛਾਣਿਆ ਅਤੇ ਉਤਸ਼ਾਹਿਤ ਕੀਤਾ, ਜਿਸ ਰੁਚੀ ਦੀਆਂ ਜੜ੍ਹਾਂ ਬਜ਼ੁਰਗਾਂ ਦੀ ਸੰਭਾਲ ਕਰਦਿਆਂ ਸਮੁੱਚੀ ਸਿਹਤ ਵੱਲ ਧਿਆਨ ਦੇਣ ਦੀ ਪਹੁੰਚ ਵਿੱਚ ਲੱਗੀਆਂ ਹੋਈਆਂ ਹਨ।

ਹੁਣ ਵਿਕਟੋਰੀਆ ਵਿੱਚ ਇਕ ਜੈਰੀਐਟਰੀਸ਼ਨ ਵਜੋਂ ਪ੍ਰੈਕਟਿਸ ਕਰਦਿਆਂ ਅਤੇ ਯੂ ਬੀ ਸੀ ਦੀ ਜੈਰੀਐਟਰਿਕ ਮੈਡੀਸਨ ਡਿਵੀਜ਼ਨ ਵਿੱਚ ਕਲੀਨੀਕਲ ਫੈਕਲਟੀ ਦਾ ਮੈਂਬਰ ਹੁੰਦਿਆਂ ਹੋਇਆਂ ਡਾ: ਬੁਡਲਵਸਕੀ ਵੀ ਬਜ਼ੁਰਗਾਂ ਦੀਆਂ ਸਿਹਤ ਲੋੜਾਂ ਦੇ ਸਮਰਥਨ ਦੇ ਖੇਤਰ ਵਿੱਚ ਕੈਰੀਅਰ ਬਣਾਉਣ ਵਿੱਚ ਦਿਲਚਸਪੀ ਰੱਖਣ ਵਾਲੇ ਹੋਰ ਸਿਖਿਆਰਥੀਆਂ ਨੂੰ ਉਤਸ਼ਾਹਿਤ ਅਤੇ ਸਿੱਖਿਅਕ ਕਰਨ ਲਈ ਵੱਚਨਬੱਧ ਹੈ।

ਉਹ ਕਹਿੰਦਾ ਹੈ, “ਮੈਂ ਸਵੇਰ ਨੂੰ ਉੱਠਣ ਅਤੇ ਕੰਮ ‘ਤੇ ਜਾਣ ਨੂੰ ਪਸੰਦ ਕਰਦਾ ਹਾਂ, ਇਸ ਲਈ ਵਿਦਿਆਰਥੀਆਂ ਅਤੇ ਰੈਜ਼ੀਡੈਂਟ ਨਾਲ ਇਸ ਗੱਲ ਬਾਰੇ ਜਾਣਕਾਰੀ ਸਾਂਝੀ ਕਰਨਾ ਲਾਹੇਵੰਦ ਹੈ ਕਿ ਮੈਂ ਕੀ ਕਰਦਾ ਹਾਂ ਅਤੇ ਇਸ ਦੀ ਕੀ ਮਹੱਤਤਾ ਹੈ।”

“ਮੇਰਾ ਕੰਮ ਸਿਰਫ ਬੀਮਾਰੀਆਂ ਦੀ ਪਛਾਣ ਕਰਨਾ ਨਹੀਂ। ਮੈਂ ਆਪਣੇ ਮਰੀਜ਼ਾਂ ਨੂੰ ਜਾਣਦਾ ਹਾਂ ਤਾਂ ਕਿ ਮੈਂ ਸਮਝ ਸਕਾਂ ਕਿ ਉਹਨਾਂ ਲਈ ਸਭ ਤੋਂ ਮਹੱਤਵਪੂਰਨ ਕੀ ਹੈ ਅਤੇ ਉਨ੍ਹਾਂ ਦੀ ਮਦਦ ਕਰ ਸਕਾਂ ਕਿ ਵਧਦੀ ਉਮਰ ਦੌਰਾਨ ਸਭ ਤੋਂ ਬਿਹਤਰ ਜ਼ਿੰਦਗੀ ਕਿਵੇਂ ਜੀਣੀ ਹੈ।”

“ਮੇਰਾ ਕੰਮ ਸਿਰਫ ਬੀਮਾਰੀਆਂ ਦੀ ਪਛਾਣ ਕਰਨਾ ਨਹੀਂ। ਮੈਂ ਆਪਣੇ ਮਰੀਜ਼ਾਂ ਨੂੰ ਜਾਣਦਾ ਹਾਂ ਤਾਂ ਕਿ ਮੈਂ ਸਮਝ ਸਕਾਂ ਕਿ ਉਹਨਾਂ ਲਈ ਸਭ ਤੋਂ ਮਹੱਤਵਪੂਰਨ ਕੀ ਹੈ ਅਤੇ ਉਨ੍ਹਾਂ ਦੀ ਮਦਦ ਕਰ ਸਕਾਂ ਕਿ ਵਧਦੀ ਉਮਰ ਦੌਰਾਨ ਸਭ ਤੋਂ ਬਿਹਤਰ ਜ਼ਿੰਦਗੀ ਕਿਵੇਂ ਜੀਣੀ ਹੈ।”
ਜੌਸ਼ੂਆ ਬੁਡਲਵਸਕੀ, ਕਲੀਨੀਕਲ ਇਨਸਟ੍ਰਕਟਰ, ਜੈਰੀਐਟਰਿਕ ਮੈਡੀਸਨ ਡਿਵੀਜ਼ਨ

ਘਰ ਵਿੱਚ ਸੋਹਣਾ ਬੁਢਾਪਾ ਗੁਜਾਰਨਾ

ਡਾ: ਵੌਂਗ ਦਾ ਵਿਦਿਆ ਲਈ ਉਤਸ਼ਾਹ ਇਕ ਜਨਤਕ ਅਧਿਆਪਕ ਅਤੇ ਬਜ਼ੁਰਗਾਂ ਅਤੇ ਉਨ੍ਹਾਂ ਦੀ ਸੰਭਾਲ ਕਰਨ ਵਾਲਿਆਂ ਦੇ ਚੈਂਪੀਅਨ ਵਜੋਂ ਉਨ੍ਹਾਂ ਦੇ ਕੰਮ ਨੂੰ ਅੱਗੇ ਵਧਾਉਂਦਾ ਹੈ।

ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਹੈ ਕਿ ਸਿਹਤਮੰਦ ਬੁਢਾਪੇ ਲਈ ਗਿਆਨ ਜ਼ਰੂਰੀ ਹੈ। ਵੱਡੀ ਉਮਰ ਦੇ ਬਾਲਗਾਂ ਨਾਲ ਕੰਮ ਕਰਨ ਵਾਲੇ ਸਿਹਤ ਖੇਤਰ ਦੇ ਪੇਸ਼ਾਵਰ ਲੋਕਾਂ ਨਾਲ ਆਪਣਾ ਗਿਆਨ ਸਾਂਝਾ ਕਰਨ ਲਈ ਕੈਨੇਡਾ ਭਰ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਫਰ ਕਰਨ ਦੇ ਨਾਲ ਨਾਲ, ਉਹ ਲੋਕਾਂ ਨੂੰ ਬੁਢਾਪੇ ਦੇ ਵੱਖ ਵੱਖ ਪਹਿਲੂਆਂ ਬਾਰੇ ਸਿੱਖਿਅਤ ਕਰਨ ਲਈ ਬੀ. ਸੀ. ਦੀ ਅਲਜ਼ਾਈਮਰ ਸੁਸਾਇਟੀ, ਅਤੇ ਯੂ ਬੀ ਸੀ ਦੇ ਇੰਟਰਕਲਚਰਲ ਆਨਲਾਈਨ ਹੈਲਥ ਨੈੱਟਵਰਕ ਨਾਲ ਕੰਮ ਕਰਦੇ ਹਨ। ਉਹ ਵਿਦਿਆਰਥੀਆਂ ਅਤੇ ਰੈਜ਼ੀਡੈਂਟਾਂ ਨੂੰ ਚੈਂਪੀਅਨਾਂ ਦੀ ਆਪਣੀ ਭੂਮਿਕਾ ਨੂੰ ਗ੍ਰਹਿਨ ਕਰਨ ਲਈ ਉਤਸ਼ਾਹਿਤ ਕਰਦੇ ਹਨ, ਅਤੇ ਅਜਿਹਾ ਕਰਨ ਲਈ ਮੌਜੂਦ ਮੌਕਿਆਂ ਨਾਲ ਜੁੜਨ ਲਈ ਉਨ੍ਹਾਂ ਦੀ ਮਦਦ ਕਰਦੇ ਹਨ।

ਸਿਹਤ ਦੇ ਸਮਰਥਨ ਲਈ ਕੀਤਾ ਜਾਂਦਾ ਉਨ੍ਹਾਂ ਦਾ ਬਹੁਤ ਸਾਰਾ ਕੰਮ ਉਨ੍ਹਾਂ ਸਰਲ ਅਤੇ ਵਿਹਾਰਕ ਤਬਦੀਲੀਆਂ ਬਾਰੇ ਚੇਤਨਾ ਪੈਦਾ ਕਰਨ ‘ਤੇ ਕੇਂਦਰਿਤ ਹੈ, ਜਿਹੜੀਆਂ ਤਬਦੀਲੀਆਂ ਯੁਇਟ ਸਿਮ ਵਰਗੇ ਬਜ਼ੁਰਗਾਂ ਦਾ ‘ਇਕ ਥਾਂ ਵਿੱਚ’ ਸੁਰੱਖਿਅਤ ਢੰਗ ਨਾਲ ਰਹਿਣ ਲਈ ਸਮਰਥਨ ਕਰਕੇ ਉਨ੍ਹਾਂ ਦੀ ਆਪਣੇ ਘਰਾਂ ਵਿੱਚ ਲੰਮਾਂ ਸਮਾਂ ਰਹਿਣ ਵਿੱਚ ਮਦਦ ਕਰ ਸਕਦੀਆਂ ਹਨ।

ਡਾ: ਵੌਂਗ ਕਹਿੰਦੇ ਹਨ,”ਬਹੁਤ ਸਾਰੇ ਬਜ਼ੁਰਗ ਲਾਂਗ-ਟਰਮ ਸੰਭਾਲ ਕਰਨ ਵਾਲੀਆਂ ਥਾਂਵਾਂ ਵਿੱਚ ਬਹੁਤ ਛੇਤੀਂ ਮੂਵ ਹੋ ਰਹੇ ਹਨ। ਬਜ਼ੁਰਗਾਂ ਦੇ ਘਰਾਂ ਨੂੰ ਸੁਰੱਖਿਅਤ ਬਣਾਉਣ ਤੋਂ ਲੈ ਕੇ ਉਨ੍ਹਾਂ ਦਾ ਡਿੱਗਣ ਤੋਂ ਬਚਾਅ ਕਰਨ ਤੱਕ ਅਤੇ ਸਮਾਰਟ ਫੋਨਾਂ ਅਤੇ ਸਮਾਰਟ ਘੜੀਆਂ ਵਰਗੀਆਂ ਤਕਨੌਲੌਜੀਆਂ ਦੀ ਵਰਤੋਂ ਕਰਕੇ ਅਰਥ ਭਰਪੂਰ ਸੰਬੰਧਾਂ ਦੀ ਹਿਮਾਇਤ ਕਰਨ ਤਕ ਅਸੀਂ ਬਜ਼ੁਰਗਾਂ ਅਤੇ ਉਨ੍ਹਾਂ ਦੀ ਸੰਭਾਲ ਕਰਨ ਵਾਲਿਆਂ ਦੀ ਅਜਿਹੇ ਕਈ ਤਰ੍ਹਾਂ ਦੇ ਢੰਗਾਂ ਨਾਲ ਹਿਮਾਇਤ ਕਰ ਸਕਦੇ ਹਾਂ, ਜਿਹੜੇ ਢੰਗ ਬਜ਼ੁਰਗਾਂ ਨੂੰ ਆਜ਼ਾਦ ਅਤੇ ਸਿਹਤਮੰਦ ਜ਼ਿੰਦਗੀਆਂ ਜਿਉਣ ਵਿੱਚ ਮਦਦ ਕਰ ਸਕਦੇ ਹੋਣ।”

ਅਤੇ ਮੈਂਡੀ ਇਸ ਨਾਲ ਸਹਿਮਤ ਹੈ। ਆਪਣੀ ਮਾਂ ਨਾਲ ਡਾ: ਵੌਂਗ ਨੂੰ ਮਿਲਣ ਤੋਂ ਬਾਅਦ ਉਸ ਨੇ ਮਹਿਸੂਸ ਕੀਤਾ ਕਿ ਉਸ ਦੀਆਂ ਚਿੰਤਾਵਾਂ ਘਟਣ ਲੱਗੀਆਂ।

ਮੈਂਡੀ ਦਾ ਕਹਿਣਾ ਹੈ ਕਿ ਉਸ ਨੇ ਡਾ: ਵੌਂਗ ਤੋਂ ਇਸ ਗੱਲ ਦੀ ਪਛਾਣ ਕਰਨਾ ਸਿੱਖਿਆ ਕਿ ਕਦੋਂ ਯੁਇਟ ਸਿਮ ਦੀ ਹਾਲਤ ਖਰਾਬ ਹੋ ਰਹੀ ਹੈ, ਉਸ ਨੂੰ ਘਰ ਵਿੱਚ ਸੁਰੱਖਿਅਤ ਕਿਵੇਂ ਬਣਾਉਣਾ ਹੈ, ਭਾਈਚਾਰੇ ਵਿੱਚ ਉਪਲਬਧ ਵਸੀਲਿਆਂ ਦੀ ਹਿਮਾਇਤ ਕਿਵੇਂ ਕਰਨੀ ਹੈ। ਮੈਂਡੀ ਅਨੁਸਾਰ ਇਨ੍ਹਾਂ ਚੀਜ਼ਾਂ ਨੇ ਉਸ ਦੀ ਮਾਂ ਦੀ ਸਿਰਫ ਖੁਸ਼ ਅਤੇ ਸਿਹਤਮੰਦ ਰਹਿਣ ਵਿੱਚ ਮਦਦ ਹੀ ਨਹੀਂ ਕੀਤੀ ਸਗੋਂ ਉਸ ਦੀ ਘਰ ਵਿੱਚ ਥੋੜ੍ਹਾ ਸਮਾਂ ਹੋਰ ਰਹਿਣ ਵਿੱਚ ਵੀ ਮਦਦ ਕੀਤੀ।

ਮੈਂਡੀ ਕਹਿੰਦੀ ਹੈ,”ਸ਼ੁਰੂ ਵਿੱਚ ਮੈਂ ਨਹੀਂ ਜਾਣਦੀ ਸੀ ਕਿ ਮੈਂ ਕੀ ਨਹੀਂ ਜਾਣਦੀ। ਮੈਂ ਇਕ ਭਾਰ ਹੇਠਾਂ ਦੱਬੀ ਮਹਿਸੂਸ ਕਰਦੀ ਸੀ। ਆਪਣੀ ਮਾਂ ਦੀ ਸਿਹਤ ਅਤੇ ਉਸ ਦੀ ਮਦਦ ਲਈ ਮੈਂ ਕੀ ਕਰ ਸਕਦੀ ਹਾਂ ਇਸ ਬਾਰੇ ਚੰਗੀ ਤਰ੍ਹਾਂ ਜਾਣਨ ਵਿੱਚ ਮੇਰੀ ਮਦਦ ਕਰਕੇ ਡਾ: ਵੌਂਗ ਨੇ ਸਾਨੂੰ ਬਹੁਤ ਵੱਡਾ ਆਸਰਾ ਦਿੱਤਾ।”

ਡਾ: ਵੌਂਗ ਲਈ, ਮੈਂਡੀ ਅਤੇ ਯੁਇਟ ਸਿਮ ਇਹ ਦਿਖਾਉਂਦੀਆਂ ਹਨ ਕਿ ਕਾਇਆ ਪਲਟੀ ਲਈ ਵਿਦਿਆ ਵਿੱਚ ਕਿੰਨੀ ਤਾਕਤ ਹੈ, ਅਤੇ ਇਹ ਗੱਲ ਉਸ ਨੂੰ ਆਪਣੇ ਕੰਮ ਲਈ ਉਤਸ਼ਾਹਿਤ ਕਰਦੀ ਹੈ।

“ਬਜ਼ੁਰਗਾਂ ਦੀ ਸੰਭਾਲ ‘ਤੇ ਕੇਂਦਰਿਤ ਹੋਰ ਡਾਕਟਰਾਂ ਅਤੇ ਸਿਹਤ ਦੇ ਖੇਤਰ ਵਿੱਚ ਕੰਮ ਕਰਦੇ ਪੇਸ਼ਾਵਰ ਲੋਕਾਂ ਨੂੰ ਸਿਖਲਾਈ ਦੇਣ ਤੋਂ ਲੈ ਕੇ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਿਆਰਿਆਂ ਨੂੰ ਸਿਹਤਮੰਦ ਬੁਢਾਪੇ ਬਾਰੇ ਗਿਆਨ ਦੇਣ ਤੱਕ, ਮੈਂ ਸੱਚਮੁੱਚ ਇਹ ਵਿਸ਼ਵਾਸ ਕਰਦਾ ਹਾਂ ਕਿ ਇਹ ਯਕੀਨੀ ਬਣਾਉਣ ਲਈ ਵਿਦਿਆ ਮੁੱਖ ਸਾਧਨ ਹੈ ਕਿ ਵੱਡੀ ਉਮਰ ਦੇ ਬਾਲਗਾਂ ਦੀ ਵੱਧ ਤੋਂ ਵੱਧ ਕੁਆਲਟੀ ਵਾਲੀ ਜ਼ਿੰਦਗੀ ਹੋਵੇ।”


ਕਹਾਣੀ ਸਾਂਝੀ ਕਰੋ

ਪ੍ਰਕਾਸ਼ਤ ਕੀਤਾ: ਜੁਲਾਈ 2019