ਕੋਵਿਡ-19 ਦੀ ਮਹਾਂਮਾਰੀ ਦੌਰਾਨ ਬਜ਼ੁਰਗਾਂ ਦੀ ਮਦਦ ਕਿਵੇਂ ਕਰੀਏ

ਕੋਵਿਡ-19 ਨਾਲ ਸੰਬੰਧਤ ਅਨਿਸ਼ਚਤਤਾ ਦੇ ਵਿਚਕਾਰ, ਆਪਣੇ ਆਪ ਅਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣਾ ਸਾਡਾ ਸਭ ਤੋਂ ਵੱਡਾ ਫਿਕਰ ਹੈ। ਸਾਡੇ ਭਾਈਚਾਰਿਆਂ ਵਿਚਲੇ ਬਜ਼ੁਰਗਾਂ ਦੇ ਸੰਬੰਧ ਵਿੱਚ ਇਹ ਗੱਲ ਖਾਸ ਤੌਰ ‘ਤੇ ਵਿਚਾਰਨ ਵਾਲੀ ਹੈ।

ਇਸ ਵਾਇਰਸ ਦੀ ਇਨਫੈਕਸ਼ਨ ਵਾਲੇ 65 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ ਜ਼ਿਆਦਾ ਖਤਰਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਰਹਿਣ ਵਾਲੀਆਂ ਸਿਹਤ ਦੀ ਮੁਸ਼ਕਿਲਾਂ (ਹੈਲਥ ਕੰਡੀਸ਼ਨਾਂ) ਹਨ। ਯੂ ਬੀ ਸੀ ਦੀ ਮੈਡੀਸਨ ਦੀ ਫੈਕਲਟੀ ਵਿੱਚ ਜੈਰੀਐਟਰਿਕ ਦੇ ਕਲਿਨਿਕਲ ਪ੍ਰੋਫੈਸਰ ਰੌਜਰ ਵੌਂਗ ਬਜ਼ੁਰਗਾਂ ਅਤੇ ਕੋਵਿਡ-19 ਨਾਲ ਸੰਬੰਧਤ ਕੁੱਝ ਆਮ ਸਵਾਲਾਂ ਦੇ ਜਵਾਬ ਦਿੰਦੇ ਹਨ ਅਤੇ ਉਨ੍ਹਾਂ ਕਦਮਾਂ ਬਾਰੇ ਦਸਦੇ ਹਨ, ਜਿਹੜੇ ਕਦਮ ਤੁਸੀਂ ਆਪਣੇ ਪਿਆਰੇ ਬਜ਼ੁਰਗਾਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਚੁੱਕ ਸਕਦੇ ਹੋ।


ਕੋਵਿਡ-19 ਦੇ ਸੰਬੰਧ ਵਿੱਚ ਬਜ਼ੁਰਗਾਂ ਨੂੰ ਜ਼ਿਆਦਾ ਖਤਰਾ ਕਿਉਂ ਹੈ?

ਬਜ਼ੁਰਗਾਂ ਨੂੰ ਕੋਵਿਡ-19 ਸਮੇਤ ਹੋਰ ਇਨਫੈਕਸ਼ਨਾਂ ਹੋਣ ਦਾ ਜ਼ਿਆਦਾ ਖਤਰਾ ਹੈ। ਕੁੱਝ ਹੱਦ ਤੱਕ ਇਹ ਇਸ ਲਈ ਹੈ ਕਿ ਉਮਰ ਵਧਣ ਨਾਲ ਸਾਡਾ ਇਮਿਊਨ ਸਿਸਟਮ (ਬੀਮਾਰੀਆਂ ਨਾਲ ਲੜਨ ਵਾਲਾ ਪ੍ਰਬੰਧ) ਧੀਮਾ ਹੋ ਜਾਂਦਾ ਹੈ। ਬਹੁਤ ਸਾਰੇ ਬਜ਼ੁਰਗਾਂ ਨੂੰ ਲੰਮੇ ਸਮੇਂ ਤੋਂ ਰਹਿਣ ਵਾਲੀਆਂ ਸਿਹਤ ਸਮੱਸਿਆਵਾਂ ਵੀ ਹੁੰਦੀਆਂ ਹਨ, ਜਿਹੜੀਆਂ ਇਸ ਬੀਮਾਰੀ ਤੋਂ ਜ਼ਿਆਦਾ ਬੀਮਾਰ ਹੋਣ ਦਾ ਉਨ੍ਹਾਂ ਦਾ ਖਤਰਾ ਵਧਾ ਸਕਦੀਆਂ ਹਨ।

ਉਹ ਕੁੱਝ ਕਦਮ ਕਿਹੜੇ ਹਨ, ਜਿਹੜੇ ਬਜ਼ੁਰਗ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਚੁੱਕ ਸਕਦੇ ਹਨ?

ਕੋਵਿਡ-19 ਸਮੇਤ ਕਿਸੇ ਵੀ ਹੋਰ ਇਨਫੈਕਸ਼ਨ ਤੋਂ ਆਪਣੀ ਸੁਰੱਖਿਆ ਲਈ ਬਜ਼ੁਰਗ ਕਈ ਕਦਮ ਚੁੱਕ ਸਕਦੇ ਹਨ। ਸਾਡੇ ਸਾਰਿਆਂ ਵਾਂਗ, ਬਜ਼ੁਰਗਾਂ ਨੂੰ ਬਾਕਾਇਦਗੀ ਨਾਲ ਆਪਣੇ ਹੱਥ ਧੋਣੇ ਚਾਹੀਦੇ ਹਨ, ਚੰਗੀ ਤਰ੍ਹਾਂ ਆਪਣੀ ਸਫਾਈ ਰੱਖਣੀ ਚਾਹੀਦੀ ਹੈ, ਅਤੇ ਦੂਜੇ ਲੋਕਾਂ ਤੋਂ ਦੂਰੀ ਰੱਖਣ ਲਈ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਸਮਾਂ ਘਰ ਵਿੱਚ ਰਹਿਣ। ਆਪਣੇ ਅਤੇ ਦੂਜਿਆਂ ਵਿਚਕਾਰ ਦੂਰੀ ਰੱਖਣ ਲਈ, ਬਜ਼ੁਰਗਾਂ ਨੂੰ ਹਫਤੇ ਵਿੱਚ ਇਕ ਵਾਰ ਅਤੇ ਘੱਟ ਭੀੜ ਵਾਲਿਆਂ ਸਮਿਆਂ ਵਿੱਚ ਗਰੋਸਰੀ ਲੈਣ ਜਾਣਾ ਚਾਹੀਦਾ ਹੈ ਜਾਂ ਗਰੋਸਰੀ ਆਨਲਾਈਨ ਆਰਡਰ ਕਰਨੀ ਚਾਹੀਦੀ ਹੈ। ਕੁੱਝ ਗਰੋਸਰੀ ਸਟੋਰ ਅਤੇ ਫਾਰਮੇਸੀਆਂ ਅਜਿਹੇ ਸਮੇਂ ਨਿਸ਼ਚਿਤ ਕਰ ਰਹੇ ਹਨ ਜਿਹਨਾਂ ਦੌਰਾਨ ਸਿਰਫ ਬਜ਼ੁਰਗ ਹੀ ਉੱਥੇ ਜਾ ਸਕਦੇ ਹਨ।

ਜੇ ਬਜ਼ੁਰਗਾਂ ਨੂੰ ਦਵਾਈਆਂ ਲੈਣ ਜਾਣ ਦੀ ਲੋੜ ਹੋਵੇ, ਤਾਂ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਫਾਰਮੇਸੀ ਨੂੰ ਫੋਨ ਕਰਨਾ ਚਾਹੀਦਾ ਹੈ। ਕੈਨੇਡਾ ਦੇ ਫਾਰਮਾਸਿਸਟਾਂ ਦੀ ਐਸੋਸੀਏਸ਼ਨ ਇਹ ਵੀ ਸਿਫਾਰਸ਼ ਕਰਦੀ ਹੈ ਕਿ ਲੋਕਾਂ ਨੂੰ ਉਹ ਹੀ ਦਵਾਈਆਂ ਲੈਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ। ਜੇ ਸੰਭਵ ਹੋਵੇ ਤਾਂ ਬਜ਼ੁਰਗਾਂ ਨੂੰ ਆਪਣੇ ਪਰਿਵਾਰ ਦੇ ਕਿਸੇ ਸਿਹਤਮੰਦ ਮੈਂਬਰ ਨੂੰ ਦਵਾਈਆਂ ਲਿਆ ਕੇ ਦਰਵਾਜ਼ੇ ਅੱਗੇ ਰੱਖ ਦੇਣ ਲਈ ਕਹਿਣਾ ਚਾਹੀਦਾ ਹੈ ਜਾਂ ਆਪਣੀਆਂ ਦਵਾਈਆਂ ਉਸ ਫਾਰਮੇਸੀ ਤੋਂ ਆਰਡਰ ਕਰਨੀਆਂ ਚਾਹੀਦੀਆਂ ਹਨ, ਜਿਹੜੀ ਫਾਰਮੇਸੀ ਡਿਲਿਵਰੀ ਕਰਦੀ ਹੋਵੇ।

ਉਹ ਕਿਹੜੇ ਕਦਮ ਹਨ ਜਿਹੜੇ ਦੂਸਰੇ ਲੋਕ ਬਜ਼ੁਰਗਾਂ ਦੀ ਸੁਰੱਖਿਆ ਅਤੇ ਸਮਰਥਨ ਲਈ ਚੁੱਕ ਸਕਦੇ ਹਨ?

ਯਾਦ ਰੱਖੋ ਕਿ ਅਚੇਤ ਹੀ ਬਜ਼ੁਰਗਾਂ ਨੂੰ ਇਨਫੈਕਸ਼ਨ ਕਰ ਦੇਣੀ ਸੰਭਵ ਹੈ। ਮਹਾਂਮਾਰੀ ਦੌਰਾਨ ਉਨ੍ਹਾਂ ਨੂੰ ਨਿੱਜੀ ਤੌਰ ਤੇ ਮਿਲਣ ਨਾਲੋਂ ਵਿਰਚੂਅਲੀ ਮਿਲਣਾ (ਫੋਨ ਰਾਹੀਂ, ਵੀਡੀਓ ਕਾਲ ਰਾਹੀਂ, ਇੰਟਰਨੈੱਟ ਆਦਿ ਰਾਹੀਂ ਮਿਲਣਾ) ਚੰਗੀ ਗੱਲ ਹੈ। ਜੇ ਤੁਹਾਡੇ ਲਈ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਮਿਲਣ ਜਾਣਾ ਜ਼ਰੂਰੀ ਹੋਵੇ, ਤਾਂ ਇਹ ਪੱਕਾ ਕਰੋ ਕਿ ਤੁਸੀਂ ਆਪਣੇ ਹੱਥ ਧੋ ਰਹੇ ਹੋ ਅਤੇ ਜੇ ਤੁਸੀਂ ਥੋੜ੍ਹੇ ਜਿਹੇ ਵੀ ਨਾ ਠੀਕ ਮਹਿਸੂਸ ਕਰਦੇ ਹੋਵੋ ਤਾਂ ਇਸ ਸਮੇਂ ਆਪਣੇ ਪਿਆਰਿਆਂ ਨੂੰ ਮਿਲਣ ਨਾ ਜਾਉ। ਉਨ੍ਹਾਂ ਢੰਗਾਂ ਬਾਰੇ ਸੋਚੋ ਜਿਹਨਾਂ ਨਾਲ ਤੁਸੀਂ ਆਪਣੀ ਜ਼ਿੰਦਗੀ ਵਿਚਲੇ ਬਜ਼ੁਰਗਾਂ ਦੀ ਉਨ੍ਹਾਂ ਦੇ ਕੰਮ ਕਾਰ ਕਰਕੇ ਜਾਂ ਉਨ੍ਹਾਂ ਨੂੰ ਲੋੜੀਂਦੀਆਂ ਚੀਜ਼ਾਂ ਲਿਆ ਕੇ ਦੇ ਕੇ ਬਿਹਤਰ ਢੰਗ ਨਾਲ ਮਦਦ ਕਰ ਸਕਦੇ ਹੋ।

ਖਾਸ ਲੋੜਾਂ ਵਾਲੇ ਬਜ਼ੁਰਗਾਂ, ਜਿਵੇਂ ਕਿ ਅਲਜ਼ਾਈਮਰ ਦੀ ਬੀਮਾਰੀ ਅਤੇ ਡਿਮੈਂਸ਼ੀਆ ਵਾਲੇ ਬਜ਼ੁਰਗਾਂ, ਲਈ ਇਹ ਔਖਾ ਹੈ ਕਿਉਂਕਿ ਹੋ ਸਕਦਾ ਹੈ ਕਿ ਉਹ ਕੋਵਿਡ-19 ਦੇ ਅਸਰ ਜਾਂ ਵਿਆਪਕਤਾ ਨੂੰ ਪੂਰੀ ਤਰ੍ਹਾਂ ਨਾ ਸਮਝ ਸਕਣ। ਸੁਨੇਹੇ ਨੂੰ ਸਰਲ ਰੱਖਣਾ ਮਹੱਤਵਪੂਰਨ ਹੈ। ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਦੱਸ ਸਕਦੇ ਹਨ, “ਆਪਣੇ ਭਾਈਚਾਰੇ ਵਿੱਚ ਇਨਫੈਕਸ਼ਨ ਹੈ ਅਤੇ ਅਸੀਂ ਤੁਹਾਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ।”

ਉਨ੍ਹਾਂ ਨੂੰ ਦੱਸੋ ਕਿ ਪਰਿਵਾਰ ਦੇ ਮੈਂਬਰ ਉਨ੍ਹਾਂ ਨਾਲ ਤਕਨੌਲੌਜੀ ਰਾਹੀਂ ਸੰਪਰਕ ਕਰਨਗੇ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਉਹ ਸੁਰੱਖਿਅਤ ਹਨ ਅਤੇ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ।

ਬਜ਼ੁਰਗਾਂ ਨੂੰ ਕੋਵਿਡ-19 ਦੀ ਇਨਫੈਕਸ਼ਨ ਕਿਵੇਂ ਹੁੰਦੀ ਹੈ?

ਸਾਡੇ ਸਾਰਿਆਂ ਵਾਂਗ, ਬਜ਼ੁਰਗਾਂ ਨੂੰ ਕੋਵਿਡ-19 ਦੀ ਇਨਫੈਕਸ਼ਨ ਕਈ ਤਰ੍ਹਾਂ ਨਾਲ ਹੋ ਸਕਦੀ ਹੈ। ਜਿਹੜੇ ਬਜ਼ੁਰਗ ਤੁਰਦੇ ਫਿਰਦੇ ਹਨ, ਉਨ੍ਹਾਂ ਨੂੰ ਇਹ ਇਨਫੈਕਸ਼ਨ ਉਦੋਂ ਹੋ ਸਕਦੀ ਹੈ ਜਦੋਂ ਉਹ ਜਨਤਕ ਥਾਂਵਾਂ ਤੇ ਜਾਂਦੇ ਹਨ ਜਾਂ ਜਦੋਂ ਆਪਣੇ ਭਾਈਚਾਰੇ ਵਿੱਚ ਲੋਕਾਂ ਨੂੰ ਮਿਲਦੇ ਹਨ। ਉਨ੍ਹਾਂ ਦੇ ਪਿਆਰੇ ਮਿਲਣ ਜਾਣ ਸਮੇਂ ਵੀ ਉਨ੍ਹਾਂ ਨੂੰ ਇਨਫੈਕਸ਼ਨ ਕਰ ਸਕਦੇ ਹਨ।

ਯਾਦ ਰੱਖੋ: ਇੱਥੋਂ ਤੱਕ ਕਿ ਉਹ ਲੋਕ ਵੀ ਇਨਫੈਕਸ਼ਨ ਫੈਲਾ ਸਕਦੇ ਹਨ, ਜਿਨ੍ਹਾਂ ਵਿੱਚ ਇਸ ਦੇ ਲੱਛਣ ਦਿਖਾਈ ਨਹੀਂ ਦਿੰਦੇ ਅਤੇ ਅਚੇਤ ਹੀ ਬਜ਼ੁਰਗਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਮੈਂ ਆਪਣੇ ਪਿਆਰੇ ਬਜ਼ੁਰਗ ਨੂੰ ਮਿਲਣ ਨਹੀਂ ਜਾ ਸਕਦਾ/ਸਕਦੀ। ਹੋਰ ਕਿਹੜੇ ਢੰਗਾਂ ਨਾਲ ਮੈਂ ਉਸ ਦੀ ਮਦਦ ਕਰ ਸਕਦਾ/ਸਕਦੀ ਹਾਂ?

ਸਾਡੇ ਵਿੱਚੋਂ ਜਿਨ੍ਹਾਂ ਲੋਕਾਂ ਦਾ ਕੋਈ ਬਜ਼ੁਰਗ ਹੈ, ਭਾਵੇਂ ਉਹ ਕੇਅਰ ਹੋਮ ਵਿੱਚ ਹੋਵੇ ਜਾਂ ਆਜ਼ਾਦ ਤੌਰ ‘ਤੇ ਰਹਿ ਰਿਹਾ ਹੋਵੇ, ਉਨ੍ਹਾਂ ਕੋਲ ਬਜ਼ੁਰਗਾਂ ਨਾਲ ਜੁੜੇ ਰਹਿਣ ਦੀਆਂ ਕਈ ਚੋਣਾਂ ਹਨ। ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਕਨੌਲੌਜੀ ਦੀ ਵਰਤੋਂ ਕਰੋ, ਇਹ ਸਕਾਈਪ ਰਾਹੀਂ ਹੋ ਸਕਦੀ ਜਾਂ ਫੇਸ ਟਾਈਮ ਰਾਹੀਂ ਹੋ ਸਕਦੀ ਹੈ। ਯਾਦ ਰੱਖੋ ਕਿ ਦੂਜੇ ਲੋਕਾਂ ਤੋਂ ਸਰੀਰਕ ਦੂਰੀ ਰੱਖਣ ਦਾ ਮਤਲਬ ਦੂਜਿਆਂ ਤੋਂ ਟੁੱਟ ਕੇ ਇਕੱਲੇ ਰਹਿਣਾ ਨਹੀਂ ਹੈ। ਬਜ਼ੁਰਗਾਂ ਨਾਲ ਸੰਪਰਕ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਬਹੁਤੀ ਵਾਰ, ਇਕ ਫੋਨ ਕਰਨ ਦੀ ਹੀ ਲੋੜ ਹੁੰਦੀ ਹੈ। ਦੂਜਿਆਂ ਨਾਲੋਂ ਟੁੱਟ ਕੇ ਇਕੱਲੇ ਰਹਿਣਾ ਅਤੇ ਇਕੱਲਤਾ ਬਜ਼ੁਰਗਾਂ ‘ਤੇ ਨਾਂਹ-ਪੱਖੀ ਅਸਰ ਪਾ ਸਕਦੀ ਹੈ। ਸਾਡੇ ਸਾਰਿਆਂ ਲਈ ਇਹ ਪੱਕਾ ਕਰਨਾ ਜ਼ਰੂਰੀ ਹੈ ਕਿ ਅਸੀਂ ਬਜ਼ੁਰਗਾਂ ਨੂੰ ਸਰੀਰਕ ਤੌਰ ‘ਤੇ ਇਨਫੈਕਸ਼ਨ ਤੋਂ ਬਚਾ ਕੇ ਰੱਖਣ ਦੇ ਨਾਲ ਨਾਲ ਉਨ੍ਹਾਂ ਨੂੰ ਦਿਮਾਗੀ ਤੌਰ ‘ਤੇ ਰੁਝਾਈ ਰੱਖੀਏ।

ਕੀ ਬਜ਼ੁਰਗਾਂ ਨੂੰ ਮੈਡੀਕਲ ਅਪੁਆਇੰਟਮੈਂਟਾਂ ਕੈਂਸਲ ਕਰ ਦੇਣੀਆਂ ਚਾਹੀਦੀਆਂ ਹਨ?

ਬਜ਼ੁਰਗਾਂ ਨੂੰ ਆਪਣੀ ਸਿਹਤ ਸੰਭਾਲ ਕਰਨ ਵਾਲਿਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਦੀ ਅਪੁਆਇੰਟਮੈਂਟ ਅੱਗੇ ਪਾ ਦੇਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਤਕਨੌਲੌਜੀ ਰਾਹੀਂ ਵਿਰਚੂਅਲੀ (ਫੋਨ ਰਾਹੀਂ, ਵੀਡੀਓ ਕਾਲ ਰਾਹੀਂ, ਇੰਟਰਨੈੱਟ ਆਦਿ ਰਾਹੀਂ) ਆਪਣੀ ਸਿਹਤ ਸੰਭਾਲ ਪ੍ਰਦਾਨ ਕਰਨ ਵਾਲੇ ਨੂੰ ਦੇਖਣਾ ਚਾਹੀਦਾ ਹੈ।

ਕੀ ਬਜ਼ੁਰਗਾਂ ਨੂੰ ਆਪਣੇ ਪੋਤੇ/ਪੋਤੀਆਂ ਜਾਂ ਦੋਹਤੇ/ਦੋਹਤੀਆਂ ਨੂੰ ਬੇਬੀਸਿਟ ਕਰਨਾ ਚਾਹੀਦਾ ਹੈ?

ਇਸ ਸਮੇਂ ਇਹ ਚੰਗਾ ਵਿਚਾਰ ਨਹੀਂ ਹੈ ਕਿਉਂਕਿ ਬੇਸ਼ੱਕ ਬੱਚਿਆਂ ਵਿੱਚ ਲੱਛਣ ਦਿਖਾਈ ਨਾ ਦਿੰਦੇ ਹੋਣ, ਫਿਰ ਵੀ ਉਹ ਬੀਮਾਰੀ ਫੈਲਾ ਸਕਦੇ ਹਨ। ਮਹਾਂਮਾਰੀ ਦੌਰਾਨ ਬਜ਼ੁਰਗਾਂ ਨੂੰ ਬੇਬੀਸਿਟਿੰਗ ਦੇ ਸਮੇਂ ਨੂੰ ਸੀਮਤ ਕਰਨਾ ਚਾਹੀਦਾ ਹੈ।


ਕਹਾਣੀ ਸਾਂਝੀ ਕਰੋ

ਪ੍ਰਕਾਸ਼ਤ ਕੀਤਾ: 27 ਮਾਰਚ, 2020